ਚੰਡੀਗੜ੍ਹ: ਮਹਿਲ ਕਲਾਂ ਦੇ ਪਿੰਡ ਕੁਤਬਾ ਵਿਖੇ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਤਿੰਨ ਰੋਜ਼ਾ ਸ਼ਹੀਦੀ ਸਮਾਗਮ ਦੌਰਾਨ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਸਣੇ ਹੋਰ ਸ਼ਖ਼ਸੀਅਤਾਂ ਨੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੁਤਬਾ-ਬਾਹਮਣੀਆਂ ਇਕ ਇਤਿਹਾਸਕ ਪਿੰਡ ਹੈ ਜਿੱਥੇ ਵੱਡੇ ਘੱਲੂਘਾਰੇ ਸਮੇਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਲੋਹਾ ਲੈਂਦਿਆਂ ਵੱਡੀ ਗਿਣਤੀ ਸਿੰੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ, ਜਿਨ੍ਹਾਂ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ।

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਜੇਕਰ ਅਬਦਾਲੀ ਵਰਗੇ ਮੁਗਲਾਂ ਨੂੰ ਕੋਈ ਚੁਣੌਤੀ ਦੇ ਸਕਦਾ ਸੀ ਤਾਂ ਉਹ ਸਿੰਘ ਹੀ ਸਨ, ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ ਅਤੇ ਬਹਾਦਰੀ ਨਾਲ ਲੜਦੇ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ।

ਇਸ ਮੌਕੇ ਸੰਬੋਧਨ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਅੱਗੇ ਪਿੰਡ ’ਚ ਸ਼ਹੀਦਾਂ ਦੀ ਢੁਕਵੀਂ ਯਾਦਗਾਰ ਬਣਾਉਣ ਦੀ ਮੰਗ ਰੱਖੀ। ਪੰਡੋਰੀ ਨੇ ਕਿਹਾ ਕਿ ਇਸ ਇਤਿਹਾਸਕ ਪਿੰਡ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਖਾਸ ਕਰਕੇ ਇਸ ਇਲਾਕੇ ਵਿੱਚ ਨਹਿਰੀ ਪਾਣੀ ਦੀ ਪਹੁੰਚ ਵਾਸਤੇ ਖਾਲਾਂ, ਕੱਸੀਆਂ, ਰਜਬਾਹੇ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ, ਜੋ ਕਿ ਵਿਭਾਗ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਕੋਲ ਹੈ।

Leave a Reply