ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਨਾਂ ਸ਼ਰਤ ਸਪੱਸ਼ਟ ਗਾਰੰਟੀ ਦੇਣ ਲਈ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੀਟਿੰਗ ਦੌਰਾਨ ਸਤਲੁਜ ਯਮੁਨਾ ਲਿੰਕ ਨਹਿਰ (ਐਸਵਾਈਐਲ) ਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਜ਼ਿੰਦਗੀ ਅਤੇ ਮੌਤ ਦਾ ਮਸਲਾ ਹੈ ਤੇ ਇਸ ਵਿੱਚ ਗਲਤੀ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ। ਮੁੱਖ ਮੰਤਰੀ ਵੱਲੋਂ ਕੱਲ੍ਹ ਚੁੱਕੇ ਗਏ ਕਦਮਾਂ ਦਾ ਪੰਜਾਬ, ਇਸਦੀ ਆਰਥਿਕਤਾ ਅਤੇ ਖੇਤੀ ’ਤੇ ਚਿਰਸਥਾਈ ਅਸਰ ਪਵੇਗਾ।

ਵੜਿੰਗ ਨੇ ਮਾਨ ਨੂੰ ਸਲਾਹ ਦਿੱਤੀ ਕਿ ਉਹ ਯਮੁਨਾ ਦੇ ਪਾਣੀ ਦਾ ਮੁੱਦਾ ਉਠਾਉਣ, ਜੋ ਹਰਿਆਣਾ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪੰਜਾਬ ਦੇ ਦਰਿਆਵਾਂ ‘ਤੇ ਦਾਅਵਾ ਕਰ ਰਿਹਾ ਹੈ, ਜੋ ਉਸਦੀ ਧਰਤੀ ਨੂੰ ਵੀ ਨਹੀਂ ਛੂਹਦੇ ਅਤੇ ਇਹ ਕੁਦਰਤੀ ਰਿਪੇਰੀਅਨ ਨਿਯਮਾਂ ਦੇ ਵਿਰੁੱਧ ਹੈ। ਇਸ ਲਈ ਜੇਕਰ ਹਰਿਆਣਾ ਸਾਡੇ ਦਰਿਆਵਾਂ ਦਾ ਪਾਣੀ ਮੰਗ ਸਕਦਾ ਹੈ ਤਾਂ ਸਾਨੂੰ ਯਮੁਨਾ ਤੋਂ ਵੀ ਪਾਣੀ ਮੰਗਣਾ ਚਾਹੀਦਾ ਹੈ, ਜੋ ਪੰਜਾਬ ਅਤੇ ਹਰਿਆਣਾ ਦਰਮਿਆਨ ਵਸੀਲਿਆਂ ਦੀ ਵੰਡ ਸਮੇਂ ਛੱਡ ਦਿੱਤਾ ਗਿਆ ਸੀ ਅਤੇ ਇਹ ਉਸ ਸਮੇਂ ਪੰਜਾਬ ਨਾਲ ਬਹੁਤ ਵੱਡੀ ਬੇਇਨਸਾਫ਼ੀ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਕਿਸਾਨਾਂ ਸਣੇ ਸਾਰੇ ਹਿੱਸੇਦਾਰਾਂ ਸਮੇਤ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਅਪੀਲ ਕੀਤੀ ਸੀ, ਜੋ ਉਨ੍ਹਾਂ ਨੇ ਨਹੀਂ ਬੁਲਾਈ ਅਤੇ ਇਸਦੇ ਕਾਰਨ ਲੋਕ ਭਲੀਭਾਂਤ ਜਾਣਦੇ ਹਨ। ਇਸ ਨਾਲ ਉਨ੍ਹਾਂ ਨੂੰ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਰੱਖਣ ਵਿਚ ਮਦਦ ਮਿਲ ਸਕਦੀ ਸੀ।

ਸੂਬਾ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਮੀਟਿੰਗ ਤੋਂ ਪਹਿਲਾਂ ਘੱਟੋ-ਘੱਟ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕਰ ਲੈਣ ਕਿ ਉਹ ਸੂਬੇ ਦੇ ਪਾਣੀ ਦੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਨਹੀਂ ਜਾਣ ਦੇਣਗੇ। ਉਨ੍ਹਾਂ ਖ਼ੁਲਾਸਾ ਕੀਤਾ ਕਿ ਸਿਰਫ਼ ਹੁਣ ਹੀ ਨਹੀਂ, ਸਗੋਂ ਕਈ ਸਾਲਾਂ ਤੋਂ ਪੰਜਾਬ ਪਾਣੀ ਦੇ ਡਿੱਗਦੇ ਪੱਧਰ ਕਾਰਨ ਗੰਭੀਰ ਖਤਰੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਗੱਲ ਦੀ ਪੁਸ਼ਟੀ ਕੁਝ ਸਾਲ ਪਹਿਲਾਂ ਨਾਸਾ ਦੇ ਸੈਟੇਲਾਈਟ ਨੇ ਵੀ ਕੀਤੀ ਸੀ। ਅਜਿਹੇ ‘ਚ ਹੈਰਾਨੀ ਦੀ ਗੱਲ ਹੈ ਕਿ ਅਜਿਹੇ ਹਾਲਾਤ ‘ਚ ਪੰਜਾਬ ਤੋਂ ਆਪਣਾ ਪਾਣੀ ਦੇਣ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ।

ਉਸ ਨੇ ਕਿਹਾ ਕਿ ਆਪਣਾ ਪਾਣੀ ਕਿਸੇ ਨੂੰ ਦੇਣ ਨਾਲ ਤੁਸੀਂ ਆਪ ਹੀ ਪਿਆਸ ਨਾਲ ਮਰ ਜਾਵੋਗੇ। ਉਨ੍ਹਾਂ ਮੁੱਖ ਮੰਤਰੀ ਨੂੰ ਸੁਚੇਤ ਕਰਦਿਆਂ ਕਿਹਾ ਕਿ ਪੱਖਪਾਤ ਤੋਂ ਉਪਰ ਉਠ ਕੇ ਪੰਜਾਬ ਦੇ ਹਿੱਤਾਂ ਲਈ ਪਹਿਲਕਦਮੀ ਕਰਨ ਦਾ ਸਮਾਂ ਆ ਗਿਆ ਹੈ।

ਵੜਿੰਗ ਨੇ ਕਿਹਾ ਕਿ ਪੰਜਾਬੀਆਂ ਦੀਆਂ ਚਿੰਤਾਵਾਂ ਅਤੇ ਖਦਸ਼ੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਾਰ-ਵਾਰ ਸਟੈਂਡ ਅਤੇ ਬਿਆਨਾਂ ‘ਤੇ ਆਧਾਰਿਤ ਹਨ ਕਿ ਹਰਿਆਣਾ ਨੂੰ ਪੰਜਾਬ ਦਾ ਪਾਣੀ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ‘ਆਪ’ ਦੇ ਸੰਸਦ ਮੈਂਬਰ ਅਤੇ ਹਰਿਆਣਾ ਦੇ ਇੰਚਾਰਜ ਡਾ ਸੁਸ਼ੀਲ ਗੁਪਤਾ ਨੇ ਕੁਝ ਮਹੀਨੇ ਪਹਿਲਾਂ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਐਸਵਾਈਐਲ ਦਾ ਨਿਰਮਾਣ ਹੋਵੇ ਅਤੇ ਇਸਦਾ ਪਾਣੀ ਹਰਿਆਣਾ ‘ਚ ਜਾਵੇ।

ਉਨ੍ਹਾਂ ਪੰਜਾਬ ਲਈ ਐਸ.ਵਾਈ.ਐਲ ਦੀ ਗੰਭੀਰਤਾ ਦਾ ਪ੍ਰਗਟਾਵਾ ਕਰਦਿਆਂ ਮਾਨ ਨੂੰ ਕਿਹਾ ਕਿ ਤੁਹਾਡੀ ਸਰਕਾਰ ਪੰਜਾਬ ਦੇ ਵਸੀਲਿਆਂ ਨੂੰ ਗੁਜਰਾਤ ਵਿੱਚ ਬਰਬਾਦ ਕਰ ਰਹੀ ਹੈ, ਭਾਵੇਂ ਲੋਕ ਇਸ ਨੂੰ ਬਰਦਾਸ਼ਤ ਕਰ ਲੈਣਗੇ, ਪਰ ਕਿਰਪਾ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਐਸ.ਵਾਈ.ਐਲ ਦੇ ਮੁੱਦੇ ਤੇ ਕੋਈ ਸਮਝੌਤਾ ਨਾ ਹੋਵੇ, ਕਿਉਂਕਿ ਇਹ ਜ਼ਿੰਦਗੀ ਅਤੇ ਮੌਤ ਦਾ ਮਾਮਲਾ ਹੈ ਅਤੇ ਜੇਕਰ ਐਸਵਾਈਐਲ ਨੂੰ ਬਣਨ ਦਿੱਤਾ ਗਿਆ ਤਾਂ ਪੰਜਾਬ ਬੰਜਰ ਧਰਤੀ ਬਣ ਜਾਵੇਗਾ।

Leave a Reply