ਜਲੰਧਰ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਲੰਧਰ ਲੋਕ ਸਭਾ ਚੋਣਾਂ ਲਈ ਵੋਟਿੰਗ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਚੋਣ ਕਮਿਸ਼ਨ ਦੇ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾਉਣ ਲਈ ਭਾਰਤ ਸਰਕਾਰ ਦੇ ਮੁੱਖ ਚੋਣ ਕਮਿਸ਼ਨਰ, ਡੀ.ਜੀ.ਪੀ.ਪੰਜਾਬ, ਚੀਫ਼ ਇਲੇਕ੍ਤ੍ਰੋਲ ਅਫਸਰ ਪੰਜਾਬ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ ਅਤੇ ਇਹਨਾ ਖਿਲਾਫ਼ ਕਾਰਵਾਈ ਕਰਨ ਡੀ ਮੰਗ ਕੀਤੀ ਹੈ।

ਅਸ਼ਵਨੀ ਸ਼ਰਮਾ ਨੇ ਸ਼ਿਕਾਇਤ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਬੁਖਲਾਈ ਅਤੇ ਡਰੀ ਹੋਈ ਹੈ। ‘ਆਪ’ ਸਰਕਾਰ ਨੂੰ ਆਪਣੀ ਹਾਰ ਦਾ ਡਰ ਹੈ ਅਤੇ ਇਹ ਲੋਕ ਲੋਕਤੰਤਰ ਨੂੰ ਕਮਜ਼ੋਰ ਕਰਨ ‘ਤੇ ਤੁਲੇ ਹੋਏ ਹਨ। ‘ਆਪ’ ਆਗੂ ਤੇ ਵਰਕਰ ਵੋਟਾਂ ਵਾਲੇ ਦਿਨ ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਧਜੀਆਂ ਉੜਾ ਰਹੇ ਹਨ। ਜਲੰਧਰ ਦੀ ਹਰ ਵਿਧਾਨ ਸਭਾ ‘ਚ ‘ਆਪ’ ਦੇ ਵਿਧਾਇਕ ਅਤੇ ਸੈਂਕੜੇ ਵਰਕਰ ਜਲੰਧਰ ਦੇ ਬਾਹਰੋਂ ਇਥੇ ਪਹੁੰਚੇ ਹੋਏ ਹਨ, ਜਦਕਿ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਵੋਟਿੰਗ ਵਾਲੇ ਦਿਨ ਕੋਈ ਵੀ ਬਾਹਰੀ ਵਰਕਰ ਇਥੇ ਨਹੀਂ ਰੁਕ ਸਕਦਾ, ਪਰ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਹੁਣ ਤੱਕ ਨਾ ਸਿਰਫ਼ ਲੋਕ ਸਭਾ ਦੀ ਸੀਮਾ ਦੇ ਅੰਦਰ ਰਹਿ ਰਹੇ ਹਨ, ਸਗੋਂ ਦਿਨ ਰਾਤ ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਧੱਜੀਆਂ ਵੀ ਉਡਾ ਰਹੇ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਲੁਧਿਆਣਾ (ਉੱਤਰੀ) ਦੇ ਵਿਧਾਇਕ ਮਦਨ ਲਾਲ ਬੱਗਾ, ਲੁਧਿਆਣਾ (ਪੂਰਬੀ) ਦੇ ਵਿਧਾਇਕ ਦਲਜੀਤ ਸਿੰਘ ਭੋਲਾ, ਗੁਰਪ੍ਰੀਤ ਸਿੰਘ ਗੋਗੀ, ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਜਸਬੀਰ ਸਿੰਘ ਸੰਧੂ, ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੋੰਗ, ਮਾਰਕਫੈੱਡ ਦੇ ਪ੍ਰਧਾਨ ਸ਼ਾਮ ਸੁੰਦਰ ਅਤੇ ਹੋਰ ਕਈ ‘ਆਪ’ ਆਗੂ ਅਤੇ ਕਾਰਜਕਰਤਾ ਜਲੰਧਰ ‘ਚ ਰਹਿ ਕੇ, ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਸਾਰੇ ਬੂਥਾਂ ‘ਤੇ ਚੋਣ ਪ੍ਰਚਾਰ ਕਰਨ, ਪੈਸੇ ਅਤੇ ਸ਼ਰਾਬ ਵੰਡਣ ਆਦਿ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹਨ। ਇਹ ਲੋਕ ਜਲੰਧਰ ਲੋਕ ਸਭਾ ਹਲਕੇ ਦੇ ਵਸਨੀਕਾਂ ‘ਤੇ ਦਬਾਅ ਪਾਉਣ, ਧਮਕੀਆਂ ਦੇਣ ਆਦਿ ਕਈ ਗੈਰ-ਕਾਨੂੰਨੀ ਕੰਮ ਕਰ ਰਹੇ ਹਨ, ਜਿਸ ਦਾ ਸਿੱਧਾ ਅਸਰ ਵੋਟਰ ਦੀ ਆਜ਼ਾਦਾਨਾ ਵੋਟਿੰਗ ‘ਤੇ ਪੈਂਦਾ ਹੈ। ਸ਼ਰਮਾ ਨੇ ਮੰਗ ਕੀਤੀ ਕਿ ਆਦਰਸ਼ ਚੋਣ ਜ਼ਾਬਤਾ, ਭਾਰਤੀ ਦੰਡਾਵਲੀ, ਪਬਲਿਕ ਐਕਟ, 1950 ਅਤੇ ਹੋਰ ਸਬੰਧਤ ਐਕਟਾਂ ਦੀ ਉਲੰਘਣਾ ਕਰਨ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਆਗੂਆਂ ਅਤੇ ਵਰਕਰਾਂ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਨ੍ਹਾਂ ਵਿਧਾਇਕਾਂ ਦੀ ਵਿਧਾਨ ਸਭਾ ਤੋਂ ਮੈਂਬਰਸ਼ਿਪ ਰੱਦ ਕੀਤੀ ਜਾਵੇ, ਕਿਉਂਕਿ ਉਪਰੋਕਤ ਸਾਰੇ ਗੈਰ-ਕਾਨੂੰਨੀ ਤੌਰ ‘ਤੇ ਹਲਕੇ ‘ਚ ਰਹਿ ਰਹੇ ਹਨ ਅਤੇ ਪੈਸੇ ਵੰਡਣ, ਬੂਥਾਂ ‘ਤੇ ਕਬਜ਼ਾ ਕਰਨ, ਗੈਰ-ਕਾਨੂੰਨੀ ਪ੍ਰਚਾਰ ਕਰਨ, ਦਬਾਅ ਬਣਾਉਣ, ਇਲਾਕਾ ਨਿਵਾਸੀਆਂ ਨੂੰ ਧਮਕੀਆਂ ਦੇਣ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹਨ। ਇਹ ਸਾਰੇ ਉਪਰੋਕਤ ਆਗੂ ਅਤੇ ਵਰਕਰ ਜਲੰਧਰ ਲੋਕ ਸਭਾ ਹਲਕੇ ਵਿੱਚ ਚੋਣ ਕਮਿਸ਼ਨ ਦੇ ਕੰਮ ਵਿੱਚ ਅੜਿੱਕੇ ਡਾਹ ਰਹੇ ਹਨ ਅਤੇ ਨਿਰਪੱਖ ਚੋਣ ਅਮਲ ਵਿੱਚ ਵੀ ਅੜਿੱਕਾ ਪਾ ਰਹੇ ਹਨ, ਇਸ ਲਈ ਇਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

ਅਸ਼ਵਨੀ ਸ਼ਰਮਾ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਪ੍ਰਚਾਰ ਕਰਨ ਵਾਲੇ ਸਾਰੇ ਭਾਜਪਾ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਵਰਕਰਾਂ ਨੇ ਦਿਨ ਰਾਤ ਇੱਕ ਕਰਕੇ ਹਰ ਵਿਧਾਨ ਸਭਾ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਭਾਜਪਾ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਜਾਣੂ ਕਰਵਾਇਆ ਹੈ ਅਤੇ ਉਨ੍ਹਾਂ ਨੂੰ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਲਈ ਵੀ ਪ੍ਰੇਰਿਤ ਕੀਤਾ ਹੈ। ਭਾਜਪਾ ਨੂੰ ਸ਼ਹਿਰਾਂ ਅਤੇ ਪਿੰਡਾਂ ਵਿੱਚ ਭਰਵਾਂ ਸਮਰਥਨ ਮਿਲਿਆ ਅਤੇ ਨਿੱਘਾ ਸਵਾਗਤ ਕੀਤਾ ਗਿਆ ਹੈ। ਇਸ ਲਈ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਆਉਣ ਵਾਲਾ ਸਮਾਂ ਭਾਜਾਪ ਦਾ ਹੀ ਹੈ।

Leave a Reply