ਚੰਡੀਗੜ੍ਹ: ਸੰਗਰੂਰ ਵਿੱਚ ਮਾਸਟਰ ਕਾਡਰ ਦੇ ਅਧਿਆਪਕਾਂ ਨਾਲ ਪੁਲਿਸ ਵੱਲੋਂ ਹੱਥੋਪਾਈ ਤੋਂ ਬਾਅਦ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ।

ਬਾਜਵਾ ਨੇ ਅੱਗੇ ਕਿਹਾ, “ਜਦੋਂ ‘ਆਪ’ ਲੀਡਰਸ਼ਿਪ ਅਖੌਤੀ ਲੋਕ-ਪੱਖੀ ਬਜਟ ਬਾਰੇ ਸ਼ੇਖ਼ੀ ਮਾਰ ਰਹੀ ਸੀ, ਤਾਂ ਸੰਗਰੂਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਸਟੇਸ਼ਨਾਂ ਦੀ ਅਲਾਟਮੈਂਟ ਲਈ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਸਮੇਤ ਮਾਸਟਰ ਕਾਡਰ ਅਧਿਆਪਕਾ ‘ਤੇ ਪੁਲਿਸ ਨੇ ਬੇਰਹਿਮੀ ਨਾਲ ਹਮਲਾ ਕੀਤਾ

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕੁੱਝ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਧਿਆਪਕ ਮਾਸਟਰ ਕੇਡਰ ਦੇ 4146 ਅਧਿਆਪਕਾਂ ਦੇ ਬੈਨਰ ਹੇਠ ਸਟੇਸ਼ਨ ਅਲਾਟ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ‘ਆਪ’ ਸਰਕਾਰ ਨੇ ਉਨ੍ਹਾਂ ਨੂੰ ਇਸ ਸਾਲ ਜਨਵਰੀ ਵਿੱਚ ਜੁਆਇਨਿੰਗ ਲੈਟਰ ਦਿੱਤੇ ਸਨ, ਪਰ ਤਿੰਨ ਮਹੀਨੇ ਬੀਤ ਜਾਣ ਦੇ ਬਾਅਦ ਵੀ ਉਨ੍ਹਾਂ ਨੂੰ ਪੋਸਟਿੰਗ ਦੇ ਹੁਕਮ ਨਹੀਂ ਮਿਲੇ ਹਨ। ਕੁੱਝ ਖ਼ਬਰਾਂ ਵਿਚ ਅਧਿਆਪਕਾਂ ਦੀਆਂ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਵੀ ਛਾਪੀਆਂ ਗਈਆਂ, ਜਿਨ੍ਹਾਂ ਨਾਲ ਪੁਲਿਸ ਵੱਲੋਂ ਹਿੰਸਕ ਵਿਵਹਾਰ ਕੀਤਾ ਗਿਆ, ਜੋ ‘ਆਪ’ ਦੀ ਲੋਕਾਂ ਪ੍ਰਤੀ ਅਸੰਵੇਦਨਸ਼ੀਲਤਾ ਨੂੰ ਦਰਸਾਉਂਦੀਆਂ ਹਨ।

“ਜਨਵਰੀ ਵਿਚ ਉਨ੍ਹਾਂ ਨੂੰ ਜੁਆਇਨਿੰਗ ਲੈਟਰ ਦੇਣ ਦਾ ਕੀ ਮਤਲਬ ਸੀ, ਜਦੋਂ ਸਰਕਾਰ ਦਾ ਉਨ੍ਹਾਂ ਨੂੰ ਸਟੇਸ਼ਨ ਅਲਾਟ ਕਰਨ ਦਾ ਕੋਈ ਇਰਾਦਾ ਨਹੀਂ ਸੀ? ਇੰਜ ਜਾਪਦਾ ਹੈ ਕਿ ਸਰਕਾਰ ਸਿਰਫ਼ ਉਨ੍ਹਾਂ ਨੂੰ ਜੁਆਇਨਿੰਗ ਲੈਟਰ ਦੇ ਕੇ ਝੂਠਾ ਪ੍ਰਚਾਰ ਕਰਨਾ ਚਾਹੁੰਦੀ ਸੀ। ਇਸ ਦੌਰਾਨ, ਉਨ੍ਹਾਂ ਨੂੰ ਅੱਧ ਵਿੱਚਕਾਰ ਹੀ ਛੱਡ ਦਿੱਤਾ ਗਿਆ ਹੈ”, ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ।

ਬਾਜਵਾ ਨੇ ਕਿਹਾ ਕਿ ਅਧਿਆਪਕਾਂ ਨੂੰ ਦੇਸ਼ ਦਾ ਭਵਿੱਖ-ਨਿਰਮਾਤਾ ਮੰਨਿਆ ਜਾਂਦਾ ਹੈ। ਜੇਕਰ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਨਹੀਂ ਹੋ ਸਕਿਆ ਤਾਂ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕਿਵੇਂ ਕੰਮ ਕਰ ਸਕਦੇ ਹਨ?

ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਫਾਇਰਮੈਨਾਂ ਦੀਆਂ ਨੌਕਰੀਆਂ ਰੈਗੂਲਰ ਕਰਨ ਦਾ ਮੁੱਦਾ ਉਠਾਉਣ ਦੇ ਬਾਵਜੂਦ ਸਥਾਨਕ ਸਰਕਾਰਾਂ ਦੇ ਮੰਤਰੀ ਡਾ ਇੰਦਰਬੀਰ ਸਿੰਘ ਨਿੱਝਰ ਕੋਈ ਤਸੱਲੀਬਖ਼ਸ਼ ਜਵਾਬ ਦੇਣ ਵਿੱਚ ਅਸਫਲ ਰਹੇ। ‘ਆਪ’ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਅੱਗ ਬੁਝਾਉਣ ਵਾਲਿਆਂ ਦੀਆਂ ਸੇਵਾਵਾਂ ਨੂੰ ਨਿਯਮਤ ਕਿਉਂ ਨਹੀਂ ਕਰ ਸਕਦੀ, ਜੋ ਅਕਸਰ ਜਾਨਲੇਵਾ ਸਥਿਤੀਆਂ ਦਾ ਸਾਹਮਣਾ ਕਰਦੇ ਹਨ।

Leave a Reply