ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਅੱਜ ਇੱਕ ਤੋਂ ਬਾਅਦ ਇੱਕ ਲਗਾਤਾਰ ਤਿੱਖੇ ਹਮਲਿਆਂ ਵਿੱਚ ਭਾਜਪਾ ਵੱਲੋਂ ਵਿਧਾਇਕਾਂ ਨੂੰ ਖਰੀਦ ਕੇ ਜਾਂ ਧਮਕਾ ਕੇ ਪੰਜਾਬ ‘ਚ ‘ਆਪ’ ਸਰਕਾਰ ਡੇਗਣ ਦੀ ਕੋਸ਼ਿਸ਼ ਕਰਨ ਦੇ ਜਵਾਬ ਵਿੱਚ ਇਕਸੁਰ ਕਿਹਾ ਕਿ ਉਹ (ਭਾਜਪਾ) ਪੰਜਾਬ ‘ਚ ਆਪਣੇ ਅਜਿਹੇ ਘਟੀਆ ਏਜੰਡੇ ‘ਚ ਕਦੇ ਵੀ ਕਾਮਯਾਬ ਨਹੀਂ ਹੋਣਗੇ।

ਬੁੱਧਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ‘ਆਪ੍ਰੇਸ਼ਨ ਲੋਟਸ’ ਤਹਿਤ ਦਿੱਲੀ ਅਤੇ ਪੰਜਾਬ ਤੋਂ ਭਾਜਪਾ ਦੇ ਕਈ ਆਗੂਆਂ ਅਤੇ ਏਜੰਟਾਂ ਨੇ ‘ਆਪ’ ਦੇ 10 ਵਿਧਾਇਕਾਂ ਨਾਲ ਸੰਪਰਕ ਕੀਤਾ ਹੈ ਅਤੇ ‘ਆਪ’ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਹਰੇਕ ਨੂੰ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਪਰ ਭਾਜਪਾ ਦੇ ਇਸ ਨਾਪਾਕ ਏਜੰਡੇ ਨੂੰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਵਫ਼ਾਦਾਰ ਸਿਪਾਹੀਆਂ ਨੇ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ।

ਅਰੋੜਾ ਨੇ ਕਿਹਾ, “‘ਆਪ’ ਕੋਈ ਸਿਆਸੀ ਪਾਰਟੀ ਨਹੀਂ, ਸਗੋਂ ਇਕ ਪਰਿਵਾਰ ਹੈ। ਅਸੀਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਰਾਜਨੀਤਿਕ ਪ੍ਰਣਾਲੀ ਵਿੱਚ ਸੁਧਾਰ ਕਰਕੇ ਦੇਸ਼ ਵਿੱਚ ਤਬਦੀਲੀ ਲਿਆਉਣ ਲਈ ਸਮਰਪਿਤ ਹੋ ਕੇ ਕੰਮ ਕਰ ਰਹੇ ਹਾਂ। ਸਾਡੇ ਵਿਧਾਇਕ ਭਾਜਪਾ ਦੀਆਂ ਇਨ੍ਹਾਂ ਖੋਖਲੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ।” ਉਨ੍ਹਾਂ ਭਰੋਸਾ ਜਤਾਇਆ ਕਿ 25 ਕਰੋੜ ਤਾਂ ਕਿ ਭਾਜਪਾ 50 ਕਰੋੜ ਦੀ ਪੇਸ਼ਕਸ਼ ਵੀ ਕਰੇ ਤਾਂ ਵੀ ਆਪ ਦਾ ਕੋਈ ਆਗੂ ਦਲ ਨਹੀਂ ਬਦਲੇਗਾ।

ਇੱਕ ਹੋਰ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਭਾਜਪਾ ‘ਹੋਰਸ-ਟ੍ਰੇਡਿੰਗ’ ਦੀ ਰਾਜਨੀਤੀ ਕਰਕੇ ਦੇਸ਼ ਦੇ ਸੰਵਿਧਾਨ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਅਪਮਾਨ ਕਰ ਰਹੀ ਹੈ।

ਆਸਾਮ ਦੇ ਮੌਜੂਦਾ ਮੁੱਖ ਮੰਤਰੀ ਹੇਮੰਤ ਵਿਸ਼ਵ ਸ਼ਰਮਾ, ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਦੀ ਉਦਾਹਰਣ ਦਿੰਦੇ ਹੋਏ ਆਪ ਆਗੂ ਨੇ ਕਿਹਾ ਕਿ ਇਸੇ ਤਰ੍ਹਾਂ ਇਨ੍ਹਾਂ ਆਗੂਆਂ ਨੂੰ ਈਡੀ ਦਾ ਡਰ ਦਿਖਾ ਕਿ ਭਾਜਪਾ ਵਿੱਚ ਸ਼ਾਮਿਲ ਕੀਤਾ ਗਿਆ। ਅਜੀਤ ਪਵਾਰ ‘ਤੇ ਦਰਜਨਾਂ ਕੇਸ ਚੱਲ ਰਹੇ ਸਨ, ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦਾ ਪੂਰਾ ਮਾਮਲਾ 3 ਦਿਨਾਂ ‘ਚ ਹੀ ਖਤਮ ਹੋ ਗਿਆ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਵਿੱਚ ਵੀ ਤੇਲਗੂ ਦੇਸ਼ਮ ਪਾਰਟੀ ਦੇ ਦੋ ਸੰਸਦ ਮੈਂਬਰਾਂ ਨੂੰ ਈਡੀ ਸੀਬੀਆਈ ਦਾ ਡਰ ਦਿਖਾ ਕੇ ਪਾਰਟੀ ਵਿੱਚ ਲਿਆਂਦਾ ਗਿਆ ਅਤੇ ਗੋਆ ਵਿੱਚ, ਜਿੱਥੇ ਕਾਂਗਰਸ ਦੇ 11 ਵਿੱਚੋਂ 8 ਵਿਧਾਇਕਾਂ ਨੂੰ ਤੋੜ ਕੇ ਭਾਜਪਾ ਨੇ ਉਨ੍ਹਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ, ਵੀ ਸਭ ਦੇ ਸਾਹਮਣੇ ਹੈ।

ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਭਾਜਪਾ ਅਤੇ ਕਾਂਗਰਸ ‘ਤੇ ਹਮਲਾ ਬੋਲਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਵਧਦੀ ਲੋਕਪ੍ਰਿਅਤਾ ਤੋਂ ਬੇਚੈਨ ਹਨ ਅਤੇ ਉਨ੍ਹਾਂ ਨੂੰ ਕਿਸੇ ਨ ਕਿਸੇ ਤਰੀਕੇ ਰੋਕਣਾ ਚਾਹੁੰਦੀਆਂ ਹਨ।

ਉਨ੍ਹਾਂ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਭਰ ‘ਚ ਕਾਂਗਰਸੀ ਵਿਧਾਇਕ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਵੇਚ ਕੇ ਲਗਾਤਾਰ ਭਾਜਪਾ ‘ਚ ਸ਼ਾਮਲ ਹੋ ਰਹੇ ਹਨ। ਕਾਂਗਰਸ ਪਾਰਟੀ ਇੱਕ ਮਰੀ ਹੋਈ ਪਾਰਟੀ ਹੈ ਅਤੇ ਰਾਹੁਲ ਗਾਂਧੀ ਇੱਕ ਅਸਫਲ ਨੇਤਾ ਹੈ। ਉਹ ਭਾਜਪਾ ਅਤੇ ਨਰਿੰਦਰ ਮੋਦੀ ਦਾ ਮੁਕਾਬਲਾ ਨਹੀਂ ਕਰ ਸਕਦੇ, ਇਸ ਲਈ ਭਾਜਪਾ ਹੁਣ ਕੇਜਰੀਵਾਲ ਅਤੇ ‘ਆਪ’ ਨੂੰ ਰੋਕਣ ਲਈ ਜ਼ੋਰ ਲਗਾ ਰਹੀ ਹੈ।

ਭਾਜਪਾ ਨੇ ਦੇਸ਼ ਦੇ ਕਈ ਰਾਜਾਂ ਵਿੱਚ ਸਰਕਾਰਾਂ ਡੇਗਣ ਦੇ ਆਪਣੇ ਏਜੰਡੇ ਨੂੰ ਪੂਰਾ ਕਰ ਲਿਆ ਹੈ ਪਰ ‘ਆਪ’ ਨੇ ਪਹਿਲਾਂ ਦਿੱਲੀ ਅਤੇ ਹੁਣ ਪੰਜਾਬ ਵਿੱਚ ਵੀ ਉਨ੍ਹਾਂ ਦੇ ‘ਆਪ੍ਰੇਸ਼ਨ ਲੋਟਸ’ ਨੂੰ ਬੁਰੀ ਤਰ੍ਹਾਂ ਫੇਲ ਕਰ ਦਿੱਤਾ ਹੈ। ਕੰਗ ਨੇ ਅੱਗੇ ਕਿਹਾ, “ਅਸੀਂ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਦੇ ਸੱਚੇ ਸਿਪਾਹੀ ਹਾਂ। ਅਸੀਂ ਲੋਕਤੰਤਰ ਦੀ ਰਾਖੀ ਕਰ ਰਹੇ ਹਾਂ। ਅਸੀਂ ਨਾ ਵਿਕਣ ਵਾਲੇ ਹਾਂ ਅਤੇ ਨਾ ਹੀ ਭਾਜਪਾ ਤੋਂ ਡਰਨ ਵਾਲੇ ਹਾਂ। ‘ਆਪ’ ਆਗੂ ਵਫ਼ਾਦਾਰ ਹਨ ਅਤੇ ਸਿਰਫ਼ ਜਨਤਾ ਦੀ ਭਲਾਈ ਲਈ ਕੰਮ ਕਰ ਰਹੇ ਹਨ।”

Leave a Reply