ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕਿਹਾ ਕਿ ਸੂਬੇ ਦੇ ਵਿਧਾਇਕਾਂ ਨੂੰ ਵਿਧਾਨਕ ਕਾਰਜਪ੍ਰਣਾਲੀ ਦੀ ਸੁਚਾਰੂ ਢੰਗ ਨਾਲ ਜਾਣਕਾਰੀ ਦੇਣ ਲਈ ਦੋ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਉਲੀਕਿਆ ਗਿਆ ਹੈ।

ਇਥੋਂ ਦੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਵਿਖੇ ਪੰਜਾਬ ਦੇ ਸਮੂਹ ਵਿਧਾਇਕਾਂ ਲਈ ਰੱਖੇ ਦੋ ਰੋਜ਼ਾ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਪੀਕਰ ਸੰਧਵਾਂ ਨੇ ਵਿਧਾਇਕਾਂ ਨੂੰ ਵਿਧਾਨਕ ਕਾਰਵਾਈ ਅਤੇ ਬਾਰੀਕੀਆਂ ਸਮਝਣ ਲਈ ਵਿਧਾਨ ਸਭਾ ਮੈਨੁਅਲ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਉਮੀਦ ਜਤਾਈ ਕਿ ਇਹ ਓਰੀਐਂਟੇਸ਼ਨ ਪ੍ਰੋਗਰਾਮ ਸਾਰੇ ਮੈਂਬਰਾਂ ਦਾ ਮਨੋਬਲ ਹੋਰ ਉਚਾ ਕਰੇਗਾ, ਖਾਸਕਰ ਉਨ੍ਹਾਂ ਮੈਂਬਰਾਂ ਦਾ ਜੋ ਪਹਿਲੀ ਵਾਰ ਵਿਧਾਨ ਸਭਾ ਵਿੱਚ ਚੁਣ ਕੇ ਆਏ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਸਾਹਿਬਾਨ ਜੋ ਕੁਝ ਸਿੱਖਣਗੇ, ਉਹ ਗਿਆਨ ਭਵਿੱਖ ਵਿੱਚ ਸਦਨ ਦੇ ਅੰਦਰ ਅਤੇ ਬਾਹਰ ਉਨ੍ਹਾਂ ਦਾ ਮਾਰਗਦਰਸ਼ਨ ਕਰੇਗਾ।

ਇਸੇ ਤਰ੍ਹਾਂ ਪਹਿਲੇ ਸੈਸ਼ਨ “ਚੰਗੇ ਸ਼ਾਸਨ ਅਤੇ ਵਿਧਾਨਕ ਨਿਗਰਾਨੀ ‘ਤੇ ਆਪਸੀ ਗੱਲਬਾਤ” ਉਤੇ ਬੋਲਦਿਆਂ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਸੰਸਦ ਜਾਂ ਵਿਧਾਨ ਸਭਾ ਵਿੱਚ ਲੋਕਾਂ ਦੇ ਅਹਿਮ ਮੁੱਦੇ ‘ਤੇ ਵਿਘਨ (ਡਿਸਰਪਸ਼ਨ) ਪਾਉਣ ਦੀ ਕਾਰਵਾਈ ਨੂੰ ਸੰਸਦੀ ਪ੍ਰਣਾਲੀ ਦਾ ਹਿੱਸਾ ਦੱਸਿਆ। ਉਨ੍ਹਾਂ ਮਿਸਾਲ ਦਿੱਤੀ ਕਿ ਜੇ ਖੇਤੀਬਾੜੀ ਕਾਨੂੰਨ ਨਾ ਲਿਆਉਣ ਸਬੰਧੀ ਸਾਡੇ “ਵਿਘਨ” ਨੂੰ ਸਮਾਂ ਰਹਿੰਦਿਆਂ ਵੇਖ ਲਿਆ ਜਾਂਦਾ ਤਾਂ ਸੱਤਾਧਾਰੀ ਧਿਰ ਨੂੰ ਇੱਕ ਸਾਲ ਤੱਕ ਸੰਘਰਸ਼ ਨਾ ਝੱਲਣਾ ਪੈਂਦਾ।

ਸੰਜੇ ਸਿੰਘ ਨੇ ਕਿਹਾ ਕਿ ਸਵਰਗੀ ਸ੍ਰੀ ਅਰੁਣ ਜੇਤਲੀ ਅਤੇ ਸਵਰਗੀ ਸ੍ਰੀਮਤੀ ਸੁਸ਼ਮਾ ਸਵਰਾਜ ਵੀ ਮੰਨਦੇ ਸਨ ਕਿ ਵਿਰੋਧੀ ਧਿਰ ਵੱਲੋਂ ਸਦਨ ਦੀ ਕਾਰਵਾਈ ਨੂੰ “ਡਿਸਰਪਟ” ਕਰਨਾ ਵੀ ਲੋਕਤੰਤਰ ਦਾ ਇੱਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਆਪਣੀ ਗੱਲ ਰੱਖਣ ਲਈ ਸਿਫ਼ਰ ਕਾਲ, ਕਿਸੇ ਬਿਲ ‘ਤੇ ਬੋਲਣ ਸਮੇਂ ਸੁਝਾਅ ਦੇਣ ਅਤੇ ਪ੍ਰਾਈਵੇਟ ਬਿਲ ਵਾਲੇ ਸਮੇਂ ਦੌਰਾਨ ਬੋਲਣ ਦੇ ਮੌਕੇ ਦਾ ਲਾਹਾ ਲੈਣਾ ਚਾਹੀਦਾ ਹੈ। ਵਿਧਾਇਕ ਇਨ੍ਹਾਂ ਮੌਕਿਆਂ ‘ਤੇ ਆਪਣੇ ਖੇਤਰ ਦੇ ਲੋਕਾਂ ਨਾਲ ਸਬੰਧਤ ਮਸਲੇ ਚੁੱਕ ਸਕਦੇ ਹਨ।

ਉਨ੍ਹਾਂ ਵਿਧਾਇਕਾਂ ਨੂੰ ਦੱਸਿਆ ਕਿ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੀਆਂ ਮੀਟਿੰਗਾਂ ਦੌਰਾਨ ਵਿਧਾਇਕ ਜਿੰਨੀ ਤਿਆਰੀ ਕਰਕੇ ਜਾਣਗੇ, ਉਨਾ ਲੋਕਾਂ ਦਾ ਵੱਧ ਤੋਂ ਵੱਧ ਭਲਾ ਕਰ ਸਕਦੇ ਹਨ।

ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਤੇ ਦਿੱਲੀ ਵਿਧਾਨ ਸਭਾ ਸਲਾਹਕਾਰ ਪੀ.ਡੀ.ਟੀ ਅਚਾਰੀ “ਚੰਗੇ ਸ਼ਾਸਨ” ਬਾਰੇ ਬੋਲਦਿਆਂ ਕਿਹਾ ਕਿ ਗੁੱਡ ਗਵਰਨੈਂਸ ਦਾ ਕਦੇ ਵੀ ਇਹ ਅਰਥ ਨਹੀਂ ਕਿ ਕਿਸੇ ਦਾ ਬੁਲਡੋਜ਼ਰ ਨਾਲ ਘਰ ਢਾਹ ਦਿੱਤਾ ਜਾਵੇ, ਸਗੋਂ ਗੁੱਡ ਗਵਰਨੈ਼ਸ ਦਾ ਮਤਲਬ ਹੈ ਕਿ ਕਾਨੂੰਨ ਦਾ ਰਾਜ ਲਾਗੂ ਕਰਨਾ, ਸੰਵਿਧਾਨ ਨੂੰ ਜਵਾਬਦੇਹ ਹੁੰਦਿਆਂ ਸਰਕਾਰ ਚਲਾਉਣੀ ਅਤੇ ਵਿਧਾਨਪਾਲਕਾ ਤੇ ਕਾਰਜਪਾਲਕਾ ਦੇ ਆਪਸੀ ਤਾਲਮੇਲ ਨਾਲ ਲੋਕਾਂ ਦੀ ਭਲਾਈ ਲਈ ਕੰਮ ਕਰਨਾ। ਉਨ੍ਹਾਂ ਕਿਹਾ ਕਿ ਚੰਗਾ ਸ਼ਾਸਨ ਦੇਣਾ ਸਰਕਾਰ ਦਾ ਫ਼ਰਜ਼ ਅਤੇ ਜ਼ਿੰਮੇਵਾਰੀ ਬਣਦੀ ਹੈ।

ਅਚਾਰੀ ਨੇ ਵਿਧਾਨਕ/ਸੰਸਦੀ ਕਮੇਟੀਆਂ ਨੂੰ ਜਵਾਬਦੇਹੀ ਤੈਅ ਕਰਨ ਲਈ ਅਹਿਮ ਦੱਸਿਆ। ਉਨ੍ਹਾਂ ਇਸ ਮੌਕੇ ਪਾਰਲੀਮੈਂਟ ਦੀਆਂ ਵੱਖ-ਵੱਖ ਕਮੇਟੀਆਂ ਦੀ ਬਣਤਰ ਅਤੇ ਕਾਰਜਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪਬਲਿਕ ਅਕਾਊਂਟਸ ਕਮੇਟੀ ਸਰਕਾਰ ਵੱਲੋਂ ਖ਼ਰਚ ਕੀਤੇ ਜਾਣ ਵਾਲੇ ਇਕ-ਇਕ ਪੈਸੇ ਦਾ ਲੇਖਾ-ਜੋਖਾ ਕਰਦੀ ਹੈ ਤਾਂ ਜੋ ਲੋਕਾਂ ਦੇ ਪੈਸੇ ਦੀ ਸਹੀ ਵਰਤੋਂ ਯਕੀਨੀ ਬਣਾਈ ਜਾ ਸਕੇ।

ਇਸ ਤੋਂ ਪਹਿਲਾਂ ਮੈਗਸੀਪਾ ਦੇ ਡਾਇਰੈਕਟਰ ਜਨਰਲ ਸ੍ਰੀ ਅਨਿਰੁੱਧ ਤਿਵਾੜੀ ਨੇ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਪਹੁੰਚੇ ਵਿਧਾਇਕਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਉਲੀਕਿਆ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ।

ਇਸੇ ਤਰ੍ਹਾਂ ਲੋਕ ਸਭਾ ਸਕੱਤਰੇਤ ਦਿੱਲੀ ਦੀ ਪ੍ਰਾਈਡ ਸੰਸਥਾ ਤੋਂ ਅਜੇ ਕੁਮਾਰ ਸੂਦ ਅਤੇ ਪੰਜਾਬ ਵਿਧਾਨ ਸਭਾ ਸਪੀਕਰ ਦੇ ਸਾਬਕਾ ਸਲਾਹਕਾਰ ਅਤੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਵਧੀਕ ਸਕੱਤਰ ਰਾਮ ਨਰਾਇਣ ਯਾਦਵ ਨੇ ਸੰਸਦੀ ਉਪਕਰਣ- ਪ੍ਰਥਾਵਾਂ ਅਤੇ ਕਾਰਜ-ਵਿਧੀਆਂ (ਧਿਆਨ ਦਿਵਾਊ ਨੋਟਿਸ, ਮਤੇ, ਸਿਫ਼ਰ ਕਾਲ, ਪ੍ਰਸ਼ਨ ਕਾਲ ਆਦਿ ਗਤੀਵਿਧੀਆਂ ‘ਤੇ ਚਾਨਣਾ ਪਾਇਆ।

Leave a Reply