ਚੰਡੀਗੜ੍ਹ: ਵਿਧਾਨ ਸਭ ਤੋਂ ਵਾਕਆਊਟ ਕਰਨ ਤੋਂ ਬਾਅਦ, ਪੰਜਾਬ ਦੇ ਵਿਰੋਧੀ ਧਿਰ ਦੇ ਆਗੂ, ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਰਾਜਪਾਲ ਦੇ ਅਹੁਦੇ ਦਾ “ਸੇਲੇਕਟੇਡ ਗਵਰਨਰ” ਕਹਿ ਕੇ ਅਪਮਾਨ ਕਰਨ ਲਈ ਨਿਖੇਧੀ ਕੀਤੀ।

ਕਾਂਗਰਸ ਦੇ ਸੀਨੀਅਰ ਆਗੂ ਬਾਜਵਾ ਨੇ ਕਿਹਾ ਕਿ ਜਦੋਂ ਸੂਬੇ ਦਾ ਮੁੱਖ ਮੰਤਰੀ ਸੂਬੇ ਦੇ ਸੰਵਿਧਾਨਕ ਮੁਖੀ (ਰਾਜਪਾਲ) ਦੇ ਅਹੁਦੇ ਨਾ ਮੰਨੇ ਉਦੋਂ ਵਿਧਾਨ ਸਭਾ ‘ਚ ਰਹਿਣ ਦੀ ਕੋਈ ਤੁਕ ਨਹੀਂ ਬਣਦੀ।

“ਇਸ ਤਰਾਂ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਕੈਬਨਿਟ ਨੂੰ ਭਾਰਤ ਦੇ ਸੰਵਿਧਾਨ ਵਿੱਚ ਵੀ ਵਿਸ਼ਵਾਸ ਨਹੀਂ ਹੈ ਹਾਲਾਂਕਿ ਉਹ ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੀ ਕਮੇਟੀ ਦੇ ਮੁਖੀ ਡਾ. ਬੀ.ਆਰ. ਅੰਬੇਡਕਰ ਦੀਆਂ ਤਸਵੀਰਾਂ ਨਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਆਪ ਕੋਈ ਸਿਆਸੀ ਪਾਰਟੀ ਨਹੀਂ ਪਰ ਅਰਾਜਕਤਾਵਾਦੀਆਂ ਦਾ ਸਮੂਹ ਹੈ”, ਬਾਜਵਾ ਨੇ ਕਿਹਾ।

ਰਾਜਪਾਲ ਦੀ ਟਿੱਪਣੀ ਦਾ ਸਮਰਥਨ ਕਰਦੇ ਹੋਏ: “ਸੀਜ਼ਰ ਦੀ ਪਤਨੀ ਨੂੰ ਸਿਰਫ਼ ਸ਼ੱਕ ਤੋਂ ਉੱਪਰ ਨਹੀਂ ਹੋਣਾ ਚਾਹੀਦਾ, ਸਗੋਂ ਅਜਿਹਾ ਹੁੰਦਾ ਦਿੱਖਣਾ ਵੀ ਚਾਹੀਦਾ ਹੈ”, ਬਾਜਵਾ ਨੇ ਕਿਹਾ ਕਿ ਇਸ ਤੋਂ ਇਹ ਸਮਝਿਆ ਜਾਂਦਾ ਹੈ ਕਿ ‘ਆਪ’ ਸਰਕਾਰ ਆਪਣੇ ਕੰਮਕਾਜ ਵਿੱਚ ਨਿਰਪੱਖ ਨਹੀਂ ਸੀ। ਇਸ ਦੇ ਦੋ ਮੰਤਰੀ ਭ੍ਰਿਸ਼ਟਾਚਾਰ ਵਿੱਚ ਕਥਿਤ ਸ਼ਮੂਲੀਅਤ ਕਾਰਨ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਹਨ। ਇਸ ਦਾ ਇੱਕ ਵਿਧਾਇਕ ਹਾਲ ਹੀ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਨੀਮ ਫ਼ੌਜੀ ਬਲਾਂ ਦੀ ਮੰਗ ਕਰਨ ‘ਤੇ ਬਾਜਵਾ ਨੇ ਕਿਹਾ ਕਿ ਅਸੀਂ ਪੰਜਾਬ ‘ਚ ਕੇਂਦਰ ਦੀ ਦਖ਼ਲਅੰਦਾਜ਼ੀ ਨਹੀਂ ਚਾਹੁੰਦੇ ਪਰ ਮੁੱਖ ਮੰਤਰੀ ਮਾਨ ਨੇ ਖ਼ੁਦ ਉੱਥੇ ਜਾ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਨੀਮ-ਫ਼ੌਜੀ ਬਲਾਂ ਦੀ ਮੰਗ ਕਰਨ ਉਪਰੰਤ ਉਨ੍ਹਾਂ (ਕੇਂਦਰ ਸਰਕਾਰ) ਨੇ ਬਿਨਾਂ ਕਿਸੇ ਸੋਚੇ ਸਮਝੇ ਇਸ ਨੂੰ ਆਸਾਨੀ ਨਾਲ ਮੁਹੱਈਆ ਕਰਵਾਇਆ। ਜਿਸ ਤਰਾਂ ਇਹ ਵਾਪਰਿਆ ਸੀ, ਉਸ ਤੋਂ ਜਾਪਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਅਰਧ-ਸੈਨਿਕ ਬਲ ਭੇਜਣ ਲਈ ਤਿਆਰ ਸੀ।”

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨਾਲ ਉਨ੍ਹਾਂ ਦੀ ਮੁਲਾਕਾਤ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਮਾਨ ਵੱਲੋਂ ਕੀਤਾ ਗਿਆ ਟਵੀਟ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਉਹ (ਆਪ ਅਤੇ ਭਾਜਪਾ) ਮਿਲ ਕੇ ਕੰਮ ਕਰ ਰਹੇ ਹਨ। ਉਹ (ਮਾਨ) ਸਪਸ਼ਟ ਤੌਰ ‘ਤੇ ਭਾਜਪਾ ਅੱਗੇ ਝੁਕ ਗਏ ਹਨ ਅਤੇ ਸਵੀਕਾਰ ਕਰ ਚੁੱਕੇ ਹਨ ਕਿ ਉਹ ਆਪਣੇ ਆਕਾਵਾਂ ਦੇ ਹੁਕਮਾਂ ਦੀ ਪਾਲਨਾ ਕਰਨਗੇ। ‘ਆਪ’ ਸੂਬੇ ‘ਚ ਭਾਜਪਾ ਦੇ ਏਜੰਡੇ ਨੂੰ ਇੱਥੇ ਲਾਗੂ ਕਰਨ ਲਈ ਕੰਮ ਕਰ ਰਹੀ ਹੈ। ਮਾਨ ਭਾਜਪਾ ਦੇ ਧੁਨਾਂ ‘ਤੇ ਨੱਚਣ ਲਈ ਤਿਆਰ ਜਾਪਦਾ ਹੈ।

Leave a Reply