ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਅਧਿਕਾਰੀਆਂ ਵੱਲੋਂ ਅੱਜ ਇੱਕ ਅਜਿਹੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ ਜਿਸ ‘ਚ ਸੂਬਾਈ ਸਿਹਤ-ਸੰਭਾਲ ਸੂਚੀ ‘ਚੋਂ ਹਜ਼ਾਰਾਂ ਲੋਕਾਂ ਨੂੰ ਕੱਢ ਕੇ ਉਹਨਾਂ ਨੂੰ ਫੈਮਿਲੀ ਡਾਕਟਰ ਜਾਂ ਫਿਰ ਨਰਸ ਪ੍ਰੈਕਟਿਸ਼ਨਰ ਨਾਲ ਜੋੜਿਆ ਜਾਵੇਗਾ।
ਸਿਹਤ ਮੰਤਰੀ ਏਡ੍ਰੀਅਨ ਡਿਕਸ ਵੱਲੋਂ ਇਸਦਾ ਅੱਜ ਅੇਲਾਨ ਕਰਦੇ ਇਸਨੂੰ “ਅਟੈਚਮੈਂਟ ਕੋ-ਆਰਡੀਨੇਟਰਜ਼” ਦੇ ਨਾਂ ਨਾਲ ਪੇਸ਼ ਕੀਤਾ ਗਿਆ ਹੈ।
ਅਧਿਕਾਰੀਆਂ ਮੁਤਾਬਕ 310,000 ਦੇ ਕਰੀਬ ਲੋਕ ਇਸ ਸਮੇਂ ਹੈਲਥ ਕਨੈਕਟ ਰਜਿਸਟਰੀ ‘ਤੇ ਹਨ ਅਤੇ ਇਸੇ ਪ੍ਰਣਾਲੀ ਦੇ ਤਹਿਤ 67,000 ਜਣਿਆਂ ਨੂੰ ਜਾਂ ਤਾਂ ਡਾਕਟਰ ਦੇ ਨਾਲ ਜੋੜ ਦਿੱਤਾ ਗਿਆ ਹੈ ਜਾਂ ਫਿਰ ਜੋੜਿਆ ਜਾ ਰਿਹਾ ਹੈ।
17 ਅਪ੍ਰੈਲ ਤੋਂ ਉਹ ਲੋਕ ਵੀ “ਅਟੈਚਮੈਂਟ ਕੋ-ਆਰਡੀਨੇਟਰਜ਼” ਦਾ ਲਾਭ ਲੈ ਸਕਣਗੇ ਅਤੇ ਡਾਕਟਰ ਤੱਕ ਪਹੁੰਚ ਬਣਾ ਸਕਣਗੇ ਜੋ ਉਹਨਾਂ ਦੇ ਮਰੀਜ਼ਾਂ ਵਾਲੇ ਪੈਨਲ ‘ਚ ਇਸ ਸਮੇਂ ਉਡੀਕ ਕਰ ਰਹੇ ਹਨ।
ਇਸ ਤੋਂ ਇਲਾਵਾ ਹੈਲਥ ਕਨੈਕਟ ਰਜਿਸਟਰੀ ‘ਚ ਹੋਰ ਡਿਜੀਟਲ ਟੂਲ ਵੀ ਸ਼ਾਮਲ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਇਹ ਸੂਚੀਆਂ ਪਹਿਲਾਂ ਹੱਥੀਂ ਅਪਡੇਟ ਕੀਤੀਆਂ ਜਾਂਦੀਆਂ ਸਨ,ਪਰ ਹੁਣ ਨਵੀਂ ਪ੍ਰਣਾਲੀ ਦੇ ਤਹਿਤ ਮਰੀਜ਼ਾਂ ਨਾਲ ਡਾਕਟਰਾਂ ਨੂੰ ਜੋੜਨ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲਣ ਦੀ ਉਮੀਦ ਕੀਤੀ ਜਾ ਰਹੀ ਹੈ।

 

Leave a Reply